Skip to content

ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥

ਪ੍ਰਭਾਤੀ ਮਹਲਾ ੩ ॥

ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥

ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥

ਹਰਿ ਜੀਉ ਸਦਾ ਤੇਰੀ ਸਰਣਾਈ ॥

ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥੧॥ ਰਹਾਉ ॥

ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥

ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ ॥੨॥

ਤੇਰੀ ਸਰਣਾਈ ਸਚੀ ਹਰਿ ਜੀਉ ਨਾ ਓਹ ਘਟੈ ਨ ਜਾਇ ॥

ਜੋ ਹਰਿ ਛੋਡਿ ਦੂਜੈ ਭਾਇ ਲਾਗੈ ਓਹੁ ਜੰਮੈ ਤੈ ਮਰਿ ਜਾਇ ॥੩॥

ਜੋ ਤੇਰੀ ਸਰਣਾਈ ਹਰਿ ਜੀਉ ਤਿਨਾ ਦੂਖ ਭੂਖ ਕਿਛੁ ਨਾਹਿ ॥

ਨਾਨਕ ਨਾਮੁ ਸਲਾਹਿ ਸਦਾ ਤੂ ਸਚੈ ਸਬਦਿ ਸਮਾਹਿ ॥੪॥੪॥

ਹਰਿ ਜੀਉ = ਹੇ ਪ੍ਰਭੂ ਜੀ !
ਤਿਨ = ਉਹਨਾਂ ਨੂੰ (ਬਹੁ = ਵਚਨ) ।
ਰਾਖਨ ਜੋਗੁ = ਰਖਿਆ ਕਰਨ ਦੀ ਤਾਕਤ ਵਾਲਾ ।
ਜੇਵਡੁ = ਬਰਾਬਰ ਦਾ ।
ਅਵਰੁ = ਕੋਈ ਹੋਰ ।
ਕੋ = ਕੋਈ (ਪੜਨਾਂਵ) ।
ਹੋਗੁ = (ਅਗਾਂਹ ਨੂੰ) ਹੋਵੇਗਾ ।੧ ।
ਭਾਵੈ = (ਤੈਨੂੰ) ਚੰਗਾ ਲੱਗੇ ।
ਸੁਆਮੀ = ਹੇ ਸੁਆਮੀ !
ਵਡਿਆਈ = ਵਡੱਪਣ, ਸਮਰਥਾ ।੧।ਰਹਾਉ ।
ਕਰਹਿ = ਤੂੰ ਕਰਦਾ ਹੈਂ ।
ਪ੍ਰਤਿਪਾਲ = ਪਾਲਣਾ, ਸਹਾਇਤਾ ।
ਕਰਿ = ਕਰ ਕੇ ।
ਪੋਹਿ ਨ ਸਕੈ = (ਆਪਣਾ) ਜ਼ੋਰ ਨਹੀਂ ਪਾ ਸਕਦਾ, ਡਰਾ ਨਹੀਂ ਸਕਦਾ ।੨ ।
ਸਚੀ = ਸਦਾ ਕਾਇਮ ਰਹਿਣ ਵਾਲੀ ।
ਨ ਜਾਇ = ਮੁੱਕਦੀ ਨਹੀਂ, ਨਾਸ ਨਹੀਂ ਹੁੰਦੀ ।
ਛੋਡਿ = ਛੱਡ ਕੇ ।
ਦੂਜੈ ਭਾਇ = ਕਿਸੇ ਹੋਰ ਪਿਆਰ ਵਿਚ ।
ਤੈ = ਅਤੇ ।
ਮਰਿ ਜਾਇ = ਮਰ ਜਾਂਦਾ ਹੈ ।੩ ।
ਨਾਨਕ = ਹੇ ਨਾਨਕ !
ਸਚੈ ਸਬਦਿ = ਸਦਾ = ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ।
ਸਮਾਹਿ = ਤੂੰ ਲੀਨ ਰਹੇਂਗਾ ।੪ ।

ਹੇ ਪ੍ਰਭੂ ਜੀ! (ਮਿਹਰ ਕਰ, ਮੈਂ) ਸਦਾ ਤੇਰੀ ਸਰਨ ਪਿਆ ਰਹਾਂ ।
ਹੇ ਮੇਰੇ ਸੁਆਮੀ! ਜਿਵੇਂ ਤੈਨੂੰ ਭਾਵੇ (ਮੇਰੀ) ਰੱਖਿਆ ਕਰ (ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ) ਇਹ ਤੇਰੀ ਹੀ ਸਮਰਥਾ ਹੈ ।੧।ਰਹਾਉ ।
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੈਂ ।
ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁੱਝਦਾ ।
(ਅਜੇ ਤਕ ਤੇਰੇ ਬਰਾਬਰ ਦਾ) ਨਾਹ ਕੋਈ ਹੋਇਆ ਹੈ, (ਅਤੇ ਅਗਾਂਹ ਨੂੰ) ਨਾਹ ਕੋਈ ਹੋਵੇਗਾ ।੧ ।
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ (ਆਪ) ਉਹਨਾਂ ਦੀ ਪਾਲਣਾ ਕਰਦਾ ਹੈਂ ।
ਮਿਹਰ ਕਰ ਕੇ ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈਂ, ਉਹਨਾਂ ਨੂੰ (ਫਿਰ) ਮੌਤ ਦਾ ਡਰ ਭੀ ਪੋਹ ਨਹੀਂ ਸਕਦਾ ।੧ ।
ਹੇ ਪ੍ਰਭੂ ਜੀ! ਤੇਰੀ ਓਟ ਸਦਾ ਕਾਇਮ ਰਹਿਣ ਵਾਲੀ ਹੈ, ਨਾਹ ਉਹ ਘਟਦੀ ਹੈ ਨਾਹ ਉਹ ਖ਼ਤਮ ਹੁੰਦੀ ਹੈ ।
ਪਰ, ਹੇ ਭਾਈ! ਜਿਹੜਾ ਮਨੁੱਖ ਪ੍ਰਭੂ (ਦੀ ਓਟ) ਛੱਡ ਕੇ ਮਾਇਆ ਦੇ ਪਿਆਰ ਵਿਚ ਲੱਗ ਪੈਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ।੩ ।
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਪੈਂਦੇ ਹਨ, ਉਹਨਾਂ ਨੂੰ ਕੋਈ ਦੁੱਖ ਨਹੀਂ ਦਬਾ ਸਕਦੇ, ਉਹਨਾਂ ਨੂੰ (ਮਾਇਆ ਦੀ) ਭੁੱਖ ਨਹੀਂ ਵਿਆਪਦੀ ।
ਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਸਲਾਹੁੰਦਾ ਰਿਹਾ ਕਰ, ਇਸਤ੍ਰਹਾਂ ਤੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਲੀਨ ਰਹੇਂਗਾ ।੪।੪ ।

Leave a Reply

Your email address will not be published. Required fields are marked *