
ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥ ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥ ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥ ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥
ਅਰਥ:-
(ਦੁਨੀਆ ਦੇ) ਬਥੇਰੇ (ਸੰਬੰਧੀਆਂ ਨੂੰ) ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ (ਮੈ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ) ਮੇਰਾ ਦੁੱਖ ਕੱਟ ਸਕੇਗਾ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਹੀ ਦੁੱਖ ਕੱਟਿਆ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ।
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਮਿਲ ਜਾਂਦੇ ਹਨ ਉਹ (ਮੁੜ ਉਸ ਤੋਂ) ਜੁਦਾ ਨਹੀਂ ਹੁੰਦੇ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦੀ ਖੱਟੀ ਕਮਾਈ ਹੋ ਜਾਂਦਾ ਹੈ, ਨਾਮ ਹੀ ਉਸ ਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।4। 26। 59।