
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥ ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥
ਅਰਥ: (ਹੇ ਕਬੀਰ! ਇਹ ਜਾਣਦਿਆਂ ਭੀ ਕਿ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ-ਚਰਨਾਂ ਵਿਚ ਜੋੜਦੀ ਹੈ) ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਇਕ ਪ੍ਰਭੂ ਦਾ ਆਸਰਾ ਛੱਡ ਕੇ) ਭਟਕ ਭਟਕ ਕੇ (ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਦੌੜਦਾ ਹੈ (ਤੇ ਇਹ ਕੁਦਰਤਿ ਦਾ ਨਿਯਮ ਹੀ ਹੈ ਕਿ) ਜੋ ਮਨੁੱਖ ਜਿਹੋ ਜਿਹੀ ਸੰਗਤਿ ਵਿਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ।86। ਹੇ ਕਬੀਰ! (ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ, ਪ੍ਰਭੂ ਦੇ ਗੁਣ ਗਾਂਵਿਆਂ, ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ; ਪਰ ਸਿਫ਼ਤਿ-ਸਾਲਾਹ ਦੀ ਸਹੈਤਾ ਨਾਲ) ਮੈਂ (ਪ੍ਰਭੂ ਦੇ ਚਰਨ-ਰੂਪ) ਜੇਹੜੀ ਥਾਂ ਭਾਲ ਰਿਹਾ ਸਾਂ, ਉਹੀ ਥਾਂ ਮੈਨੂੰ ਲੱਭ ਪਈ ਹੈ। ਹੇ ਕਬੀਰ! ਜਿਸ (ਪ੍ਰਭੂ) ਨੂੰ ਤੂੰ ਪਹਿਲਾਂ ‘ਕੋਈ ਹੋਰ’ ਆਖਦਾ ਸੈਂ (ਜਿਸ ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ) ਤੂੰ (ਸਿਫ਼ਤਿ ਸਾਲਾਹ ਦੀ ਬਰਕਤਿ ਨਾਲ) ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ ਹੈਂ, (ਉਸੇ ਵਿਚ ਲੀਨ ਹੋ ਗਿਆ ਹੈਂ, ਉਸੇ ਨਾਲ ਇਕ-ਮਿਕ ਹੋ ਗਿਆ ਹੈਂ) ।87।
ਪਦ ਅਰਥ: ਦਹ ਦਿਸ = ਦਸੀਂ ਪਾਸੀਂ, ਹਰ ਪਾਸੇ, ਅਨੇਕਾਂ ਮਾਇਕ ਪਦਾਰਥਾਂ ਵਲ। ਉਡਿ ਉਡਿ = ਮੁੜ ਮੁੜ ਉੱਡ ਕੇ, ਮੁੜ ਮੁੜ ਭਟਕ ਕੇ। ਠਉਰੁ = ਥਾਂ। ਫਿਰਿ ਕੈ = ਪਲਟ ਕੇ, ਤਬਦੀਲ ਹੋ ਕੇ। ਜਾ ਕਉ = ਜਿਸ (ਥਾਂ) ਨੂੰ।
Waheguruji